Dhad Sarangi
Dhadi Jatha Sohan Singh Sital Biography
ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ ਸੀ। ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਸਿਖ ਲਈ । ਸੰਨ1923 ਈ. ਵਿਚ 14 ਸਾਲ ਦੀ ਉਮਰੇ ਲਾਗਲੇ ਪਿੰਡ ਵਰਨ ਦੇ ਸਕੂਲ ਦੂਜੀ ਜਮਾਤ ਵਿਚ ਦਾਖਲ ਹੋ ਗਏ ਤੇ ਕੁਝ ਮਹੀਨੇ ਬਾਅਦ ਹੀ ਸਤੰਬਰ 1923 ਈ. ਵਿਚ ਉਨ੍ਹਾਂ ਨੂੰ ਚੌਥੀ ਜਮਾਤ ਵਿਚ ਅਤੇ 1924 ਈ. ਦੀਆਂ ਨਵੀਆਂ ਕਲਾਸਾਂ ਸ਼ੁਰੂ ਹੋਣ ਵੇਲੇ ਪੰਜਵੀਂ ਜਮਾਤ ਵਿਚ ਦਾਖ਼ਲਾ ਮਿਲ ਗਿਆ। 1930 ਈ. ਵਿਚ ਉਨ੍ਹਾਂ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਦਸਵੀਂ ਫਸਟ ਡਵੀਜ਼ਨ ਵਿੱਚ ਪਾਸ ਕੀਤੀ ।1931 ਈ. ਵਿਚ ਉਨ੍ਹਾਂ ਦੇ ਪਿਤਾ ਜੀ ਸ. ਖੁਸ਼ਹਾਲ ਸਿੰਘ ਪੰਨੂੰ ਅਕਾਲ ਚਲਾਣਾ ਕਰ ਗਏ। 1933 ਈ. ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 1924 ਵਿਚ ਉਨ੍ਹਾਂ ਦੀ ਕਵਿਤਾ ਪਹਿਲੀ ਵਾਰ 'ਅਕਾਲੀ' ਅਖਬਾਰ ਵਿਚ ਛਪੀ। 1927 ਵਿੱਚ ਉਨ੍ਹਾਂ ਦੀ ਕਵਿਤਾ 'ਕੁਦਰਤ ਰਾਣੀ' ਕਲਕੱਤੇ ਤੋਂ ਛਪਣ ਵਾਲੇ ਪਰਚੇ 'ਕਵੀ' ਵਿਚ ਛਪੀ। ਇਹ ਕਵਿਤਾ ਉਨ੍ਹਾਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ 'ਸੱਜਰੇ ਹੰਝੂ' ਵਿਚ ਸ਼ਾਮਲ ਹੈ। 1932 ਵਿੱਚ ਉਹਨਾਂ ਨੇ ਕੁਝ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਾਂ ਵਿਚ ਵੀ ਛਪੀਆਂ। ਉਨ੍ਹਾਂ ਦੀਆਂ ਕਹਾਣੀਆਂ 'ਕਦਰਾਂ ਬਦਲ ਗਈਆਂ', ' ਅਜੇ ਦੀਵਾ ਬਲ ਰਿਹਾ ਸੀ' ਅਤੇ 'ਜੇਬ ਕੱਟੀ ਗਈ' ਖਾਸ ਕਰ ਜਿਕਰਯੋਗ ਹਨ । ਅਠਵੀਂ ਵਿਚ ਪੜ੍ਹਦਿਆਂ 10 ਸਤੰਬਰ 1927 ਨੂੰ ਸੀਤਲ ਜੀ ਦੀ ਸ਼ਾਦੀ ਬੀਬੀ ਕਰਤਾਰ ਕੌਰ ਨਾਲ ਹੋਈ। ਇਨ੍ਹਾਂ ਦੇ ਘਰ ਤਿੰਨ ਪੁੱਤਰ ਅਤੇ ਇਕ ਬੇਟੀ ਨੇ ਜਨਮ ਲਿਆ । 1935 ਈ. ਵਿਚ ਉਨ੍ਹਾਂ ਨੇ ਇਕ ਢਾਡੀ ਜਥਾ ਬਣਾਇਆ। ਇਸ ਜਥੇ ਦੇ ਆਗੂ ਉਹ ਆਪ ਸਨ। ਕਾਦੀਵਿੰਡ ਤੋਂ ਸੱਤ-ਅੱਠ ਮੀਲ ਦੂਰ ਨਗਰ 'ਲਲਿਆਣੀ' ਦੇ ਬਜ਼ੁਰਗ ਮੁਸਲਮਾਨ ਬਾਬਾ ਚਰਾਗ਼ਦੀਨ ਪਾਸੋਂ ਉਨ੍ਹਾਂ ਨੇ ਢੱਡ ਤੇ ਸਾਰੰਗੀ ਦੀ ਸਿਖਲਾਈ ਲਈ। ਉਹ ਪੜ੍ਹੇ-ਲਿਖੇ ਅਤੇ ਸਿੱਖ ਇਤਿਹਾਸ ਦੀ ਅਤੇ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਰਖਦੇ ਸੀ ਤੇ ਉਹ ਵਿਆਖਿਆਕਾਰ ਵੀ ਚੰਗੇ ਸਨ। ਇਸ ਤੋਂ ਇਲਾਵਾ ਉਹ ਇਕ ਚੰਗੇ ਕਵੀ ਵੀ ਸਨ। ਉਹ ਗਾਉਣ ਲਈ ਵਾਰਾਂ ਵੀ ਆਪ ਲਿਖ ਲੈਂਦੇ ਸਨ। ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਨੂੰ ਢਾਡੀ ਦੇ ਤੌਰ 'ਤੇ ਚੰਗੀ ਪ੍ਰਸਿੱਧੀ ਪ੍ਰਾਪਤ ਹੋ ਗਈ। ਹੌਲੀ ਹੌਲੀ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਵੀ ਸੱਦੇ ਆਉਣ ਲਗ ਪਏ। 1960 ਵਿਚ ਉਹ ਬ੍ਰਹਮਾ, ਥਾਈਲੈਂਡ, ਸਿੰਘਾਪੁਰ ਅਤੇ ਮਲੇਸ਼ੀਆ ਗਏ। 1977 ਵਿਚ ਇੰਗਲੈਂਡ ਅਤੇ ਕੈਨੇਡਾ ਦਾ ਦੌਰਾ ਕੀਤਾ। ਇੰਗਲੈਂਡ ਵਿਚ ਉਨ੍ਹਾਂ ਨੇ ਵੁਲਵਰਹੈਂਪਟਨ, ਸਾਊਥੈਂਪਟਨ, ਵਾਲਸਲ, ਬਰਮਿੰਘਮ, ਡਡਲੀ, ਬਰੈਡ ਫੋਰਡ, ਕੁਵੈਂਟਰੀ, ਟੈਲਫੋਰਡ, ਲਮਿੰਗਾਨ, ਬਾਰਕਿੰਗ, ਸਮੈਦਿਕ ਅਤੇ ਸਾਉਥਹਾਲ ਦੀਆਂ ਥਾਵਾਂ 'ਤੇ ਦੀਵਾਨ ਕੀਤੇ।
Back to Download Page